View Details << Back

ਖੇਡਾਂ ਵਤਨ ਪੰਜਾਬ ਦੀਆਂ .ਕੈਬਨਿਟ ਮੰਤਰੀ ਅਰੋੜਾ ਨੇ ਕੀਤਾ ਓੁਧਘਾਟਨ
ਪੰਜਾਬੀਆਂ 'ਚ ਖੇਡਾਂ ਪ੍ਰਤੀ ਵਧ ਰਿਹਾ ਰੁਝਾਨ ਭਵਿੱਖ ਵਿੱਚ ਚੰਗੇ ਨਤੀਜੇ ਸਾਹਮਣੇ ਲਿਆਵੇਗਾ: ਅਮਨ ਅਰੋੜਾ

ਸੁਨਾਮ ਊਧਮ ਸਿੰਘ ਵਾਲਾ/ਸੰਗਰੂਰ (ਗੁਰਵਿੰਦਰ ਸਿੰਘ ਰੋਮੀ)
ਖੇਡਾਂ ਵਤਨ ਪੰਜਾਬ ਦੀਆਂ ਤਹਿਤ ਅੱਜ ਜ਼ਿਲਾ ਸੰਗਰੂਰ ਵਿਖੇ ਜ਼ਿਲਾ ਪੱਧਰੀ ਖੇਡ ਮੁਕਾਬਲਿਆਂ ਦਾ ਆਗਾਜ਼ ਹੋ ਗਿਆ ਹੈ ਅਤੇ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਸ਼ਹੀਦ ਊਧਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਤੋਂ ਇਨਾਂ ਖੇਡ ਮੁਕਾਬਲਿਆਂ ਦਾ ਉਦਘਾਟਨ ਕਰਦਿਆਂ ਖੇਡਾਂ ਵਿੱਚ ਭਾਗ ਲੈਣ ਪਹੰੁਚੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ। ਸ਼੍ਰੀ ਅਰੋੜਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਵੱਲੋਂ ਰਾਜ ਵਿੱਚ ਖੇਡਾਂ ਨੂੰ ਪ੍ਰਫੁਲਿਤ ਕਰਨ ਦਾ ਟੀਚਾ ਮਿਥਿਆ ਗਿਆ ਹੈ ਅਤੇ ਇਸੇ ਉਦੇਸ਼ ਦੀ ਪੂਰਤੀ ਹਿੱਤ ਇਸ ਵੱਡੇ ਖੇਡ ਕੁੰਭ ਨੂੰ ਆਰੰਭਿਆ ਗਿਆ ਹੈ ਤਾਂ ਜੋ ਸਾਡੇ ਬੱਚੇ ਤੇ ਨੌਜਵਾਨ ਖੇਡਾਂ ਨਾਲ ਜੁੜ ਸਕਣ ਅਤੇ ਨਿਯਮਤ ਤੌਰ ’ਤੇ ਅਭਿਆਸ ਕਰਕੇ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਨਾਮੀ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਨਾਮ ਕਮਾ ਸਕਣ।ਕੈਬਨਿਟ ਮੰਤਰੀ ਨੇ ਦੱਸਿਆ ਕਿ ਜ਼ਿਲਾ ਪੱਧਰੀ ਖੇਡਾਂ ਤਹਿਤ 6 ਉਮਰ ਵਰਗਾਂ ਦੇ ਮੁਕਾਬਲੇ ਖਿੱਚ ਦਾ ਕੇਂਦਰ ਬਣਨਗੇ ਅਤੇ ਖਿਡਾਰੀ ਆਪਣੇ ਹੁਨਰ ਦਾ ਬਾਖੂਬੀ ਪ੍ਰਗਟਾਵਾ ਕਰਨਗੇ। ਉਨਾਂ ਕਿਹਾ ਕਿ ਖੇਡਾਂ ਮਨੁੱਖੀ ਜੀਵਨ ਦਾ ਅਟੁੱਟ ਹਿੱਸਾ ਹਨ ਅਤੇ ਇਹ ਸਰੀਰਕ ਤੇ ਮਾਨਸਿਕ ਵਿਕਾਸ ਨੂੰ ਗਤੀ ਪ੍ਰਦਾਨ ਕਰਦੀਆਂ ਹਨ।
ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਕਿਹਾ ਕਿ ਬਲਾਕ ਪੱਧਰੀ ਖੇਡ ਮੁਕਾਬਲਿਆਂ ਦੇ ਜੇਤੂ ਜ਼ਿਲਾ ਪੱਧਰ ’ਤੇ ਕਿਸਮਤ ਅਜਮਾ ਰਹੇ ਹਨ ਅਤੇ ਇਥੋਂ ਜਿੱਤਣ ਵਾਲੇ ਸੂਬਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਖੇਡ ਹੁਨਰ ਦੀ ਪੇਸ਼ਕਾਰੀ ਦੇਣਗੇ। ਉਨਾਂ ਕਿਹਾ ਕਿ ਪੜਾਅਵਾਰ ਹੋਏ ਇਹ ਖੇਡ ਮੁਕਾਬਲੇ ਖਿਡਾਰੀਆਂ ਵਿੱਚ ਵੀ ਉਤਸ਼ਾਹ ਪੈਦਾ ਕਰ ਰਹੇ ਹਨ ਅਤੇ ਇਨਾਂ ਖੇਡ ਮੁਕਾਬਲਿਆਂ ਵਿੱਚੋਂ ਮੱਲਾਂ ਮਾਰਨ ਵਾਲੇ ਖਿਡਾਰੀ ਹੋਰ ਸਖ਼ਤ ਅਭਿਆਸ ਨਾਲ ਭਵਿੱਖ ਵਿੱਚ ਖੇਡ ਹੀਰੇ ਬਣ ਕੇ ਸਾਹਮਣੇ ਆਉਣਗੇ। ਉਨਾਂ ਕਿਹਾ ਕਿ ਇਹ ਖੇਡ ਮੰਚ ਇਨਾਂ ਖਿਡਾਰੀਆਂ ਲਈ ਸ਼ਾਨਦਾਰ ਸਾਬਤ ਹੋਵੇਗਾ ਅਤੇ ਸਰਕਾਰ ਵੱਲੋਂ ਵੀ ਸਮੇਂ ਸਮੇਂ ’ਤੇ ਅਜਿਹੇ ਹੋਰ ਖੇਡ ਮੁਕਾਬਲੇ ਕਰਵਾ ਕੇ ਖਿਡਾਰੀਆਂ ਨੂੰ ਨਿਰੰਤਰ ਹੱਲਾਸ਼ੇਰੀ ਦਿੱਤੀ ਜਾਵੇਗੀ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਜਤਿੰਦਰ ਜੋਰਵਾਲ ਨੇ ਖੁਦ ਵੇਟ ਲਿਫਟਿੰਗ ਵਿੱਚ ਹਿੱਸਾ ਲੈ ਕੇ 75 ਕਿਲੋ ਭਾਰ ਚੁੱਕਿਆ ਅਤੇ ਖਿਡਾਰੀਆਂ ਦੀ ਹੌਂਸਲਾ ਅਫਜਾਈ ਕੀਤੀ। ਉਨਾਂ ਕਿਹਾ ਕਿ ਖੇਡਾਂ ਜ਼ਿੰਦਗੀ ਵਿੱਚ ਰੌਚਕਤਾ ਪੈਦਾ ਕਰਦੀਆਂ ਹਨ ਅਤੇ ਪੰਜਾਬ ਸਰਕਾਰ ਵੱਲੋਂ ਖੇਡ ਸਭਿਆਚਾਰ ਨੂੰ ਪੈਦਾ ਕਰਨ ਲਈ ਕਰਵਾਏ ਜਾ ਰਹੇ ਇਨਾਂ ਖੇਡ ਮੁਕਾਬਲਿਆਂ ਰਾਹੀਂ ਖਿਡਾਰੀਆਂ ਵਿੱਚ ਮਿਲਵਰਤਨ ਤੇ ਅਨੁਸਾਸ਼ਨ ਦੀ ਭਾਵਨਾ ਵੀ ਪੈਦਾ ਹੁੰਦੀ ਹੈ। ਉਨਾਂ ਕਿਹਾ ਕਿ ਜਿੰਦਗੀ ਲਗਾਤਾਰ ਸਿੱਖਦੇ ਰਹਿਣ ਦਾ ਨਾਮ ਹੈ ਅਤੇ ਖੇਡਾਂ ਦੇ ਖੇਤਰ ਵਿੱਚ ਵੀ ਬਿਹਤਰ ਤੋਂ ਬਿਹਤਰ ਸਿੱਖਣ ਦੀ ਭਾਵਨਾ ਸ਼ਾਨਦਾਰ ਨਤੀਜੇ ਸਾਹਮਣੇ ਲਿਆਉਂਦੀ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ ਵੱਲੋਂ ਬਰਮਿੰਘਮ ਵਿਖੇ ਹੋਈਆਂ ਰਾਸ਼ਟਰਮੰਡਲ ਖੇਡਾਂ ਦੌਰਾਨ ਵੇਟਲਿਫਟਿੰਗ ਵਿੱਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਹੋਣਹਾਰ ਖਿਡਾਰਨ ਹਰਜਿੰਦਰ ਕੌਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਐਸ.ਡੀ.ਐਮ ਜਸਪ੍ਰੀਤ ਸਿੰਘ ਤੇ ਜ਼ਿਲਾ ਖੇਡ ਅਫ਼ਸਰ ਰਣਬੀਰ ਸਿੰਘ ਵੀ ਹਾਜ਼ਰ ਸਨ।


   
  
  ਮਨੋਰੰਜਨ


  LATEST UPDATES  Advertisements