View Details << Back

ਗੁਰਦੁਆਰਾ ਰੀਠਾ ਸਾਹਿਬ ਉਤਰਾਖੰਡ

ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਤੇ ਉਨ੍ਹਾਂ ਦੇ ਸਾਥੀ ਭਾਈ ਮਰਦਾਨਾ ਦੀ ਇਤਿਹਾਸਕ ਯਾਦ ਨਾਲ ਜੁੜਿਆ ਗੁਰਦੁਆਰਾ ਰੀਠਾ ਸਾਹਿਬ ਉਤਰਾਖੰਡ ਪ੍ਰਦੇਸ਼ ਦੇ ਸਮੁੰਦਰੀ ਤਲ ਤੋਂ 7000 ਫੁੱਟ ਦੀ ਉੱਚਾਈ ‘ਤੇ ਵੱਸੇ ਜ਼ਿਲ੍ਹਾ ਚੰਪਾਵਤ ਵਿੱਚ ਸਥਿਤ ਹੈ। ਇਸ ਜ਼ਿਲ੍ਹੇ ਦੀਆਂ ਹੱਦਾਂ ਸ਼ਹੀਦ ਊਧਮ ਸਿੰਘ ਨਗਰ ਅਤੇ ਨੈਨੀਤਾਲ ਜ਼ਿਲ੍ਹੇ ਨਾਲ ਲੱਗਦੀਆਂ ਹਨ। ਇਹ ਉਹ ਪਵਿੱਤਰ ਸਥਾਨ ਹੈ, ਜਿੱਥੇ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੇ ਸੰਗੀ ਭਾਈ ਮਰਦਾਨਾ ਜੀ ਜਗਤ-ਜਲੰਦੇ ਨੂੰ ਠਾਰਦੇ ਹੋਏ ਸਿੱਧਾਂ ਨੂੰ ਜੋਗ ਦੇ ਅਸਲੀ ਅਰਥ ਸਮਝਾਉਣ ਆਏ ਸਨ। ਇਸ ਸਥਾਨ ‘ਤੇ ਉਸ ਸਮੇਂ ਗੋਰਖ ਨਾਥ ਦਾ ਚੇਲਾ ਢੇਰ ਨਾਥ ਰਿਹਾ ਕਰਦਾ ਸੀ।
ਜਦੋਂ ਗੁਰੂ ਨਾਨਕ ਦੇਵ ਜੀ ਢੇਰ ਨਾਥ ਨਾਲ ਜ਼ਿੰਦਗੀ ਦੇ ਅਸਲ ਅਤੇ ਸਾਰਥਕ ਉਦੇਸ਼ ਸਬੰਧੀ ਗੋਸ਼ਟੀ ਕਰ ਰਹੇ ਸਨ ਤਾਂ ਉਸ ਸਮੇਂ ਇੱਕ ਬੇਮਿਸਾਲ ਕੌਤਕ ਵਾਪਰਿਆ। ਇਸ ਕੌਤਕ ਨਾਲ ਜਿੱਥੇ ਕੌੜੇ ਰੀਠਿਆਂ ਵਿੱਚ ਮਿਠਾਸ ਭਰ ਗਈ, ਉੱਥੇ ਹੀ ਹੰਕਾਰੀ ਨਾਥਾਂ ਦਾ ਹੰਕਾਰ ਵੀ ਦੂਰ ਹੋ ਗਿਆ। ਹੰਕਾਰ ਦੇ ਦੂਰ ਹੋਣ ਕਰਕੇ ਹੀ ਇੱਥੇ ਨਾਥਾਂ-ਜੋਗੀਆਂ ਨੂੰ ਗੁਰੂ ਨਾਨਕ ਸਾਹਿਬ ਦੀ ਕਮਾਈ ਅਤੇ ਵਡਿਆਈ ਨੂੰ ਧੰਨ ਕਹਿਣਾ ਪਿਆ ਸੀ।
ਇਤਿਹਾਸ ਮੁਤਾਬਕ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਗੁਰੂ ਨਾਨਕ ਦੇਵ ਜੀ ਆਪਣੇ ਸਾਥੀਆਂ ਸਮੇਤ ਜਦੋਂ ਇਸ ਸਥਾਨ ‘ਤੇ ਆਏ ਤਾਂ ਉਸ ਵੇਲੇ ਰੀਠੇ ਦੇ ਇੱਕ ਦਰੱਖ਼ਤ ਹੇਠਾਂ ਗੋਰਖ ਨਾਥ ਜੋਗੀ ਦਾ ਚੇਲਾ ਢੇਰ ਨਾਥ ਡੇਰਾ ਲਾਈ ਬੈਠਾ ਸੀ। ਇਸ ਦਰੱਖ਼ਤ ਦੇ ਦੂਜੇ ਪਾਸੇ ਬਾਬੇਕਿਆਂ ਨੇ ਵੀ ਆਸਣ ਲਾ ਲਏ। ਗੁਰੂ ਜੀ ਦੀ ਆਮਦ ਨੂੰ ਦੇਖ ਕੇ ਸਿੱਧ ਹੈਰਾਨ ਹੋ ਗਏ ਅਤੇ ਉਨ੍ਹਾਂ (ਗੁਰੂ ਜੀ) ਨੂੰ ਉੱਥੇ ਆਉਣ ਦਾ ਕਾਰਨ ਪੁੱਛਿਆ। ਗੁਰੂ ਸਾਹਿਬ ਨੇ ਜੋਗੀਆਂ ਨੂੰ ਕਿਹਾ ਕਿ ਆਪਣੀਆਂ ਪਰਿਵਾਰਕ ਅਤੇ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਂਦਿਆਂ ਉਸ ਨਿਰੰਕਾਰ ਨਾਲ ਜੁੜੇ ਰਹਿਣਾ ਹੀ ਸੱਚਾ ਜੋਗ ਹੈ। ਬਾਹਰੀ ਦਿਖਾਵੇ, ਕਰਮ-ਕਾਂਡੀ ਜੀਵਨ ਅਤੇ ਪਾਖੰਡਬਾਜ਼ੀ ਸਦਕਾ ਕਰਤਾਰ ਦੀਆਂ ਖ਼ੁਸ਼ੀਆਂ ਦਾ ਪਾਤਰ ਨਹੀਂ ਬਣਿਆ ਜਾ ਸਕਦਾ। ਅਜੇ ਵਿਚਾਰ ਗੋਸ਼ਟੀ ਚੱਲ ਰਹੀ ਸੀ ਕਿ ਭਾਈ ਮਰਦਾਨਾ ਨੂੰ ਭੁੱਖ ਲੱਗ ਆਈ। ਜਦੋਂ ਉਨ੍ਹਾਂ ਗੁਰੂ ਸਾਹਿਬ ਕੋਲੋਂ ਕੁਝ ਖਾਣ ਦੀ ਤਲ਼ਬ ਜ਼ਾਹਿਰ ਕੀਤੀ ਤਾਂ ਗੁਰੂ ਜੀ ਕਹਿਣ ਲੱਗੇ, ‘‘ਮਰਦਾਨਿਆ! ਅਸੀਂ ਤਾਂ ਪਰਦੇਸੀ ਹਾਂ ਅਤੇ ਸਿੱਧਾਂ ਦੇ ਮਹਿਮਾਨ ਹਾਂ, ਤੁਸੀਂ ਇਨ੍ਹਾਂ ਕੋਲੋਂ ਹੀ ਕੋਈ ਪਦਾਰਥ ਖਾਣ ਨੂੰ ਮੰਗ ਲਵੋ।‘‘ ਗੁਰੂ ਸਾਹਿਬ ਦਾ ਹੁਕਮ ਪਾ ਕੇ ਜਦੋਂ ਭਾਈ ਮਰਦਾਨਾ ਨੇ ਸਿੱਧਾਂ ਕੋਲੋਂ ਭੋਜਨ ਦੀ ਮੰਗ ਕੀਤੀ ਤਾਂ ਹੰਕਾਰ ਨਾਲ ਭਰੇ ਸਿੱਧਾਂ ਨੇ ਕਿਹਾ, ‘‘ਜੇ ਤੇਰਾ ਗੁਰੂ ਸਰਬ ਕਲਾ ਸਮਰੱਥ ਹੈ ਤਾਂ ਉਹ ਬਿਨਾਂ ਕਿਤੇ ਜਾਏ ਭੋਜਨ ਦਾ ਵਸੀਲਾ ਕਿਉਂ ਨਹੀਂ ਕਰ ਦਿੰਦਾ।
ਇਸ ਤਰ੍ਹਾਂ ਅਸੀਂ ਵੀ ਉਸ ਦੀ ਸ਼ਕਤੀ ਨੂੰ ਦੇਖ ਲਵਾਂਗੇ।‘‘
ਸਿੱਧਾਂ ਦਾ ਕਠੋਰ ਅਤੇ ਹੰਕਾਰ ਭਰਿਆ ਵਿਹਾਰ ਦੇਖ ਕੇ ਗੁਰੂ ਨਾਨਕ ਦੇਵ ਜੀ ਨੇ ਰੀਠੇ ਦੇ ਫ਼ਲਾਂ ਵੱਲ ਇਸ਼ਾਰਾ ਕਰ ਕੇ ਭਾਈ ਮਰਦਾਨਾ ਨੂੰ ਕਿਹਾ, ‘‘ਭਾਈ ਇਹ ਫ਼ਲ ਤੋੜ ਕੇ ਛਕ ਲਓ, ਕਰਤਾਰ ਭਲੀ ਕਰੇਗਾ।‘‘ ਗੁਰੂ ਜੀ ਦਾ ਬਚਨ ਸੁਣ ਕੇ ਮਰਦਾਨਾ ਜੀ ਸੋਚਾਂ ਵਿੱਚ ਪੈ ਗਏ ਅਤੇ ਕਹਿਣ ਲੱਗੇ, ‘‘ਗੁਰੂ ਜੀ ਮੈਨੂੰ ਕਿਉਂ ਮਾਰਨਾ ਚਾਹੁੰਦੇ ਹੋ, ਮੈਂ ਤਾਂ ਅਜੇ ਜਿਊਣਾ ਚਾਹੁੰਦਾ ਹਾਂ। ਇਹ ਰੀਠੇ ਤਾਂ ਜ਼ਹਿਰ ਵਰਗੇ ਕੌੜੇ ਹਨ ਅਤੇ ਲੋਕਾਂ ਦੇ ਵਸਤਰ ਧੋਣ ਦੇ ਕੰਮ ਆਉਂਦੇ ਹਨ।‘‘ ਗੁਰੂ ਸਾਹਿਬ ਨੇ ਆਪਣੇ ਵਾਲੇ ਪਾਸੇ ਦੀਆਂ ਰੀਠੇ ਦੀਆਂ ਟਹਿਣੀਆਂ ਵੱਲ ਮਿਹਰ ਦੀ ਨਦਰ ਕਰਦਿਆਂ ਹੱਸ ਕੇ ਕਿਹਾ, ‘‘ਭਾਈ ਮਰਦਾਨਾ ਜੀ ਸਤਿ ਕਰਤਾਰ ਕਹਿ ਕੇ ਰੀਠੇ ਦੇ ਦਰੱਖ਼ਤ ‘ਤੇ ਚੜ੍ਹ ਜਾਓ, ਆਪ ਫ਼ਲ ਛਕੋ ਅਤੇ ਇਨ੍ਹਾਂ ਸਿੱਧਾਂ ਨੂੰ ਵੀ ਛਕਾਓ।‘‘ ਸਤਿ ਬਚਨ ਕਹਿ ਕੇ ਭਾਈ ਮਰਦਾਨਾ ਜੀ ਗੁਰੂ ਵਾਲੇ ਪਾਸੇ ਦੇ ਇੱਕ ਟਹਿਣੇ ‘ਤੇ ਚੜ੍ਹ ਗਏ ਅਤੇ ਰੀਠੇ ਤੋੜ ਕੇ ਖਾਣ ਲੱਗ ਪਏ। ਇਹ ਰੀਠੇ ਸ਼ਹਿਦ ਵਰਗੇ ਮਿੱਠੇ ਸਨ। ਪਹਿਲਾਂ ਭਾਈ ਸਾਹਿਬ ਨੇ ਆਪ ਰੱਜ ਕੇ ਰੀਠੇ ਛਕੇ ਅਤੇ ਫਿਰ ਸਿੱਧਾਂ ਨੂੰ ਛਕਣ ਲਈ ਦਿੱਤੇ। ਜਦੋਂ ਇਹ ਰੀਠੇ ਨਾਥ- ਜੋਗੀਆਂ ਦੀ ਜੀਭ ਨੂੰ ਲੱਗੇ ਤਾਂ ਉਹ ਵੀ ਹੈਰਾਨ ਹੋ ਗਏ। ਸਿੱਧਾਂ ਨੇ ਆਪਣੀਆਂ ਤਾਂਤਰਿਕ ਸ਼ਕਤੀਆਂ ਨਾਲ ਆਪਣੇ ਵਾਲੇ ਪਾਸੇ ਦੇ ਰੀਠੇ ਮਿੱਠੇ ਕਰਨ ਲਈ ਹੱਥ-ਪੱਲੇ ਮਾਰੇ ਪਰ ਉਨ੍ਹਾਂ ਦੀ ਕੋਈ ਪੇਸ਼ ਨਾ ਗਈ। ਗੁਰੂ ਜੀ ਨਾਲ ਸਬੰਧਿਤ ਹੋਣ ਕਰਕੇ ਹੀ ਸੰਗਤਾਂ ਇਸ ਰੀਠੇ ਨੂੰ ਰੀਠਾ ਸਾਹਿਬ ਆਖ ਕੇ ਸਤਿਕਾਰਦੀਆਂ ਹਨ ਤੇ ਇੱਥੇ ਸੁੰਦਰ ਗੁਰਦੁਆਰਾ ਸੁਸ਼ੋਭਿਤ ਹੈ।


   
  
  ਮਨੋਰੰਜਨ


  LATEST UPDATES  Advertisements