View Details << Back

ਫਰੀਡਮ ਫਾਈਟਰ ਉਤਰਾਧਿਕਾਰੀ ਜਥੇਬੰਦੀ ਵੱਲੋਂ ਸੂਬਾ ਪੱਧਰੀ ਸਮਾਗਮ
ਫਰੀਡਮ ਫਾਈਟਰਾਂ ਪਰਿਵਾਰਾਂ ਨੂੰ ਹੱਕ ਦਿਵਾਉਣ ਲਈ ਹਰ ਕੁਰਬਾਨੀ ਲਈ ਹਾਂ ਤਿਆਰ - ਖਾਲਸਾ

ਸੰਗਰੂਰ, 22 ਜਨਵਰੀ (ਮਾਲਵਾ ਬਿਊਰੋ)-ਫਰੀਡਮ ਫਾਈਟਰ ਉੱਤਰਾਧਿਕਾਰੀ ਜਥੇਬੰਦੀ ਵੱਲੋਂ ਸੂਬਾ ਪ੍ਰਧਾਨ ਹਰਿੰਦਰਪਾਲ ਸਿੰਘ ਖਾਲਸਾ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਆਡੀਟੋਰੀਅਮ ਹਾਲ ਵਿਖੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਹਾੜੇ ਨੂੰ ਸਮਰਪਤ ਸਾਲਾਨਾ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਸਾਬਕਾ ਮੁੱਖ ਮੰਤਰੀ ਅਤੇ ਫਰੀਡਮ ਫਾਈਟਰ ਬੀਬੀ ਰਾਜਿੰਦਰ ਕੌਰ ਭੱਠਲ ਸਮੇਤ ਸੂਬੇ ਅਤੇ ਬਾਹਰੀ ਰਾਜਾਂ ਤੋਂ ਫਰੀਡਮ ਫਾਈਟਰਾਂ ਅਤੇ ਪਰਿਵਾਰਾਂ ਨੇ ਉੱਚੇਚੇ ਤੌਰ 'ਤੇ ਸ਼ਮੂਲੀਅਤ ਕੀਤੀ ਅਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸ. ਖਾਲਸਾ ਨੇ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਜਿਨ੍ਹਾਂ ਆਜਾਦੀ ਘੁਲਾਟੀਆਂ ਨੇ ਦੇਸ਼ ਦੀ ਆਜਾਦੀ ਲਈ ਕੁਰਬਾਨੀਆਂ ਦਿੱਤੀਆਂ, ਉਨ੍ਹਾਂ ਨੂੰ ਆਜਾਦ ਦੇਸ਼ ਵਿੱਚ ਵੀ ਆਪਣੇ ਹੱਕ ਲੈਣ ਲਈ ਤਿੱਖੇ ਸੰਘਰਸ਼ ਕਰਨੇ ਪੈ ਰਹੇ ਹਨ। ਵਾਰ-ਵਾਰ ਮੰਗਾਂ ਮੰਨਣ ਦੇ ਭਰੋਸੇ ਤਾਂ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਦਿੱਤੇ ਜਾਂਦੇ ਹਨ, ਪਰ ਉਨ੍ਹਾਂ ਨੂੰ ਅਮਲੀ ਰੂਪ ਨਹੀਂ ਦਿੱਤਾ ਜਾਂਦਾ, ਜਿਸ ਕਾਰਨ ਸਮੂਹ ਫਰੀਡਮ ਫਾਈਟਰ ਪਰਿਵਾਰਾਂ ਵਿੱਚ ਭਾਰੀ ਰੋਸ ਹੈ ਅਤੇ ਹੁਣ ਅਸੀਂ ਆਰ-ਪਾਰ ਦੀ ਲੜਾਈ ਦੇ ਮੂਡ ਵਿੱਚ ਹਾਂ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਹਾਲੇ ਵੀ ਫਰੀਡਮ ਫਾਈਟਰਾਂ ਤੇ ਪਰਿਵਾਰਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਦੇਣ ਵਿੱਚ ਦੇਰੀ ਕੀਤੀ ਗਈ ਤਾਂ ਉਹ ਤਿੱਖੇ ਐਕਸ਼ਨ ਲਈ ਮਜਬੂਰ ਹੋਣਗੇ ਅਤੇ ਆਪਣੇ ਹੱਕ ਲਈ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਕਰਨ ਤੋਂ ਗੁਰੇਜ ਨਹੀਂ ਕਰਨਗੇ।ਸਾਬਕਾ ਮੁੱਖ ਮੰਤਰੀ ਬੀਬੀ ਭੱਠਲ ਨੇ ਨੇਤਾ ਜੀ ਨੂੰ ਸ਼ਰਧਾਂਜਲੀ ਅਰਪਿਤ ਕਰਨ ਉਪਰੰਤ ਸਮੂਹ ਫਰੀਡਮ ਫਾਈਟਰ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਫਰੀਡਮ ਫਾਈਟਰ ਪਰਿਵਾਰ ਦੀ ਧੀ ਹੋਣ ਨਾਤੇ ਉਹ ਜਥੇਬੰਦੀ ਵੱਲੋਂ ਉਲੀਕੇ ਹਰ ਸੰਘਰਸ਼ ਵਿੱਚ ਸਾਥ ਦੇਣਗੇ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰਾਂ ਅਤੇ ਪ੍ਰਸ਼ਾਸਨ ਤੋਂ ਕੁਝ ਮੰਗਣਾ ਨਹੀਂ, ਸਗੋਂ ਆਪਣੇ ਹੱਕ ਲੈਣੇ ਹਨ ਅਤੇ ਹੱਕ- ਸੱਚ ਦੀ ਇਸ ਲੜਾਈ ਵਿੱਚ ਉਹ ਹਮੇਸ਼ਾ ਜਥੇਬੰਦੀ ਦੇ ਨਾਲ ਖੜ੍ਹੇ ਹਨ। ਉਨ੍ਹਾਂ ਸਾਫ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਕਿਸੇ ਵੀ ਫਰੀਡਮ ਫਾਈਟਰ ਜਾਂ ਪਰਿਵਾਰ ਦੇ ਮੈਂਬਰ ਨੂੰ ਕਿਸੇ ਵੀ ਟੋਲ ਪਲਾਜਾ 'ਤੇ ਰੋਕਿਆ ਜਾਂਦਾ ਹੈ ਤਾਂ ਸਬੰਧਤ ਕੰਪਨੀ ਜਾਂ ਜਿੰਮੇਵਾਰ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਫਰੀਡਮ ਫਰੀਟਰਾਂ ਦੇ ਪਰਿਵਾਰਾਂ ਦੇ ਹੱਕਾਂ ਦੀ ਲੜਾਈ ਉਹ ਖੁਦ ਅੱਗੇ ਹੋ ਕੇ ਲੜਨਗੇ। ਜਥੇਬੰਦੀ ਕਿਸੇ ਵੀ ਸਮੇਂ ਉਨ੍ਹਾਂ ਨੂੰ ਫਰੀਡਮ ਫਾਈਟਰਾਂ ਪਰਿਵਾਰਾਂ ਦੀ ਭਲਾਈ ਹਿੱਤ ਕੰਮਾਂ ਲਈ ਮਿਲ ਸਕਦੀ। ਉਨ੍ਹਾਂ ਭਰੋਸਾ ਦਿਵਾਇਆ ਕਿ ਜਲਦੀ ਹੀ ਜਥੇਬੰਦੀ ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰਕੇ ਫਰੀਡਮ ਫਾਈਟਰ ਪਰਿਵਾਰਾਂ ਦੇ ਸਾਰੇ ਮਸਲੇ ਹੱਲ ਕਰਨ ਦੇ ਯਤਨ ਕੀਤੇ ਜਾਣਗੇ। ਏ.ਡੀ.ਸੀ. ਰਾਜੇਸ਼ ਤ੍ਰਿਪਾਠੀ ਨੇ ਨੇਤਾ ਜੀ ਦੀ ਤਸਵੀਰ ਅੱਗੇ ਨਤਮਸਤਕ ਹੋਣ ਮਗਰੋਂ ਆਪਣੇ ਸੰਬੋਧਨ ਵਿੱਚ ਵਿਸ਼ਵਾਸ ਦਿਵਾਇਆ ਕਿ ਫਰੀਡਮ ਫਾਈਟਰਾਂ ਪਰਿਵਾਰਾਂ ਨਾਲ ਸਬੰਧਤ ਜੋ ਵੀ ਮੰਗਾਂ ਹਨ, ਉਹ ਉਨ੍ਹਾਂ ਨੂੰ ਸਰਕਾਰ ਤੱਕ ਪੁੱਜਦਾ ਕਰਨਗੇ। ਨਾਲ ਹੀ ਭਰੋਸਾ ਦਿਵਾਇਆ ਕਿ ਹਰ ਸਰਕਾਰੀ ਦਫਤਰ ਵਿੱਚ ਫਰੀਡਮ ਫਾਈਟਰਾਂ ਅਤੇ ਪਰਿਵਾਰਾਂ ਦੇ ਕੰਮ ਪਹਿਲ ਦੇ ਆਧਾਰ 'ਤੇ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਵਾਰ 26 ਜਨਵਰੀ ਦੇ ਗਣਤੰਤਰ ਦਿਵਸ ਸਮਾਗਮ ਦੌਰਾਨ ਵੀ ਫਰੀਡਮ ਫਾਈਟਰਾਂ ਤੇ ਪਰਿਵਾਰਾਂ ਨੂੰ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਆਲ ਇੰਡੀਆ ਮੈਂਬਰ ਗੁਰਇੰਦਰਪਾਲ ਸਿੰਘ ਸੰਗਰੂਰ ਅਤੇ ਹਰਭਜਨ ਕੌਰ ਖੰਨਾ ਤੋਂ ਇਲਾਵਾ ਸੂਬਾ ਸਕੱਤਰ ਮੇਜਰ ਸਿੰਘ ਬਰਨਾਲਾ, ਖਜਾਨਚੀ ਭਰਪੂਰ ਸਿੰਘ ਰੰਘੜਿਆਲ, ਮੋਹਕਮ ਸਿੰਘ ਫਰੀਡਮ ਫਾਈਟਰ ਪਟਿਆਲਾ, ਰਾਇ ਸਿੰਘ ਪਤੰਗਾ ਫਰੀਡਮ ਫਾਈਟਰ, ਗੁਰਦੇਵ ਸਿੰਘ ਸੁਨਾਮ ਫਰੀਡਮ ਫਾਈਟਰ, ਦਰਸ਼ਨ ਸਿੰਘ ਤੇ ਤ੍ਰਿਲੋਚਨ ਸਿੰਘ ਫਰੀਡਮ ਫਾਈਟਰ, ਮੁੱਖ ਬੁਲਾਰਾ ਦਲਜੀਤ ਸਿੰਘ ਸੇਖੋਂ, ਜਗਦੀਸ਼ ਧਨੇਠਾ, ਬਲਵਿੰਦਰ ਸਿੰਘ ਲੁਧਿਆਣਾ, ਬਲਜੀਤ ਸਿੰਘ ਲਹਿਰੀ, ਮਨਜੀਤ ਸਿੰਘ ਕਪੂਰ, ਹਰਿੰਦਰ ਸਿੰਘ ਟੋਹੜਾ, ਜਸਵੰਤ ਸਿੰਘ ਬੁਢਲਾਡਾ, ਸ਼ਿੰਗਾਰਾ ਸਿੰਘ ਫਤਹਿਗੜ੍ਹ, ਚਮਕੌਰ ਸਿੰਘ ਸੰਗਰੂਰ, ਮਲਕੀਤ ਸਿੰਘ ਬਰਨਾਲਾ, ਮੰਗਲ ਸਿੰਘ ਰੋਪੜ, ਚਿਤੰਨ ਸਿੰਘ ਮਾਨਸਾ, ਅਵਤਾਰ ਸਿੰਘ ਮੋਗਾ, ਨਿਰਮਲ ਸਿੰਘ ਮਲੋਟ ਸਮੇਤ ਵੱਡੀ ਗਿਣਤੀ ਵਿੱਚ ਫਰੀਡਮ ਫਾਈਟਰ ਪਰਿਵਾਰ ਹਾਜਰ ਸਨ।

   
  
  ਮਨੋਰੰਜਨ


  LATEST UPDATES  Advertisements