View Details << Back

ਟਰੈਫਿਕ ਪੁਲਸ ਨੇ ਵਿੱਢੀ ਚੈਕਿੰਗ ਮੁਹਿੰਮ
ਇੱਕ ਬੱਸ ਨੂੰ ਕੀਤਾ ਬੰਦ, 8 ਦੇ ਕੱਟੇ ਚਲਾਨ

ਭਵਾਨੀਗੜ੍ਹ, 17 ਫਰਵਰੀ (ਗੁਰਵਿੰਦਰ ਸਿੰਘ): ਸਕੂਲੀ ਵਾਹਨਾਂ ਦੀ ਚੈਕਿੰਗ ਨੂੰ ਲੈ ਕੇ ਭਾਵੇਂ ਦੇਰ ਨਾਲ ਹੀ ਸਹੀ ਪ੍ਰਸ਼ਾਸ਼ਨ ਦੀ ਨੀੰਦ ਟੁੱਟੀ ਦਿਖਾਈ ਦੇ ਰਹੀ ਹੈ ਉੱਥੇ ਹੀ ਦੂਜੇ ਪਾਸੇ ਹੈਰਾਨੀਜਨਕ ਹੈ ਕਿ ਇਲਾਕੇ ਦੇ ਕਈ ਸਕੂਲ ਪ੍ਰਬੰਧਕਾਂ ਨੇ ਅਜੇ ਵੀ ਲੌਂਗੋਵਾਲ ਵਿਖੇ ਵਾਪਰੇ ਭਿਆਨਕ ਸਕੂਲ ਬੱਸ ਹਾਦਸੇ ਤੋਂ ਬਾਅਦ ਕੋਈ ਸਬਕ ਨਹੀਂ ਲਿਆ ਹੈ ਕਿਉਂਕਿ ਸੋਮਵਾਰ ਨੂੰ ਭਵਾਨੀਗੜ ਟਰੈਫਿਕ ਪੁਲਸ ਵੱਲੋਂ ਵਿਸ਼ੇਸ਼ ਨਾਕਾਬੰਦੀ ਦੌਰਾਨ ਕੀਤੀ ਗਈ ਸਕੂਲੀ ਵਾਹਨਾਂ ਦੀ ਚੈਕਿੰਗ ਦੌਰਾਨ ਸਾਹਮਣੇ ਆਇਆ ਕਿ ਹਾਲੇ ਵੀ ਸਕੂਲੀ ਬੱਚਿਆਂ ਨੂੰ ਲੈ ਕੇ ਆਉਣ ਜਾਣ ਵਾਲੇ ਵਾਹਨ ਸੜਕੀ ਨਿਯਮਾਂ ਦੀ ਪਾਲਣਾ ਕਰਨ ਵਿੱਚ ਗੰਭੀਰਤਾ ਨਹੀਂ ਦਿਖਾ ਰਹੇ ਹਨ। ਇਸ ਸਬੰਧੀ ਏਅਸਆਈ ਸਾਹਿਬ ਸਿੰਘ ਧਨੌਆ ਇੰਚਾਰਜ ਟਰੈਫਿਕ ਪੁਲਸ ਭਵਾਨੀਗੜ ਨੇ ਦੱਸਿਆ ਕਿ ਜਿਲ੍ਹਾ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀਆਂ ਵੱਲੋਂ ਜਾਰੀ ਵਿਸ਼ੇਸ਼ ਹਦਾਇਤਾਂ ਦੀ ਪਾਲਣਾ ਕਰਦਿਆਂ ਅੱਜ ਸ਼ਹਿਰ ਦੇ ਨਵੇਂ ਬੱਸ ਸਟੈੰਡ ਨੇੜੇ ਨਾਕਾਬੰਦੀ ਕਰਦਿਆਂ ਟਰੈਫਿਕ ਪੁਲਸ ਵੱਲੋਂ ਸੜਕਾਂ 'ਤੇ ਦੋੜ ਰਹੀਆਂ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ ਅਤੇ ਇਸ ਦੌਰਾਨ 8 ਸਕੂਲੀ ਵਾਹਨ ਸੜਕੀ ਨਿਯਮਾਂ ਦੀਆਂ ਸਰੇਆਮ ਉਲੰਘਣਾ ਕਰਦੇ ਪਾਏ ਗਏ ਜਿਨ੍ਹਾਂ 'ਚ ਬਿਨ੍ਹਾਂ ਰੂਟ ਪਰਮਿਟ, ਬਿਨ੍ਹਾਂ ਫਸਟ ਏਡ ਬਾਕਸ, ਬੱਸ 'ਤੇ ਸਕੂਲ ਦਾ ਨਾਮ ਨਾ ਦਰਸਾਉਣਾ, ਚਾਲਕ ਬਿਨ੍ਹਾਂ ਵਰਦੀ, ਕੈਪੇਸਿਟੀ ਤੋਂ ਵੱਧ ਬੱਚੇ ਬਿਠਾਉਣ, ਅੱਗ ਬੁਝਾਉ ਯੰਤਰ ਨਾ ਹੋਣ, ਅਮਰਜੇੰਸੀ ਵਿੰਡੋ ਨਾ ਹੋਣ ਆਦਿ ਸ਼ਾਮਲ ਹਨ, ਦੇ ਮੌਕੇ 'ਤੇ ਚਲਾਨ ਕੱਟੇ ਗਏ ਤੇ ਇੱਕ ਸਕੂਲੀ ਵੈਨ ਨੂੰ ਅਮ.ਵੀ. ਅਕਟ 207 ਤਹਿਤ ਇੰਪਾਊਡ ਕੀਤਾ। ਉਨ੍ਹਾਂ ਕਿਹਾ ਕਿ ਟਰੈਫਿਕ ਨਿਯਮਾਂ ਨੂੰ ਛਿੱਕੇ ਟੱਗ ਕੇ ਕਾਨੂੰਨ ਨੂੰ ਤੋੜਨ ਵਾਲੇ ਸਕੂਲੀ ਵਾਹਨਾਂ ਦੀ ਚੈਕਿੰਗ ਲਗਾਤਾਰ ਜਾਰੀ ਰਹੇਗੀ ਤੇ ਇਸੇ ਤਰ੍ਹਾਂ ਚਲਾਨ ਕੱਟ ਕੇ ਭਾਰੀ ਜੁਰਮਾਨੇ ਕੀਤੇ ਜਾਣਗੇ। ਇਸ ਮੌਕੇ ਉਨ੍ਹਾਂ ਨਾਲ ਹੈੱਡ ਕਾਂਸਟੇਬਲ ਸੁਖਵਿੰਦਰ ਸਿੰਘ ਬੀੰਬੜ, ਹੈੱਡ ਕਾਂਸਟੇਬਲ ਦਲੇਲ ਸਿੰਘ ਹਾਜ਼ਰ ਸਨ। .... ਲੌਂਗੋਵਾਲ ਦੁਖਾਂਤ ਤੋਂ ਬਾਅਦ ਜਦੋਂ ਅੱਜ ਮੀਡਿਆ ਨੇ ਅਪਣੇ ਜਿੰਮੇਵਾਰੀ ਨੂੰ ਸਮਝਦੇ ਹੋਏ ਪੱਤਰਕਾਰਾਂ ਦੀ ਇੱਕ ਟੀਮ ਵੱਲੋਂ ਅਪਣੇ ਪੱਧਰ 'ਤੇ ਕੁੱਝ ਸਕੂਲੀ ਵਾਹਨਾਂ ਦੀ ਜਾਂਚ ਕੀਤੀ ਤਾਂ ਸਭ ਕੁੱਝ ਰੱਬ ਅਸਰੇ ਹੀ ਨਜ਼ਰ ਆਇਆ। ਜਦੋਂ ਇੱਕ ਵੈਨ ਵਾਲੇ ਨੂੰ ਉਸ ਦੀ ਗੱਡੀ ਵਿੱਚ ਅੱਗ ਬੁਝਾਊ ਯੰਤਰ ਦੇ ਨਾ ਹੋਣ ਸਬੰਧੀ ਪੁਛਿਆ ਗਿਆ ਤਾਂ ਉਸਨੇ ਬੜੇ ਲਾਪਰਵਾਹ ਅਤੇ ਢੀਠਪੁਣੇ ਦਾ ਸਬੂਤ ਦਿੰਦਿਆਂ ਜਵਾਬ ਦਿੱਤਾ ਕਿ ਬਾਈ ਜੀ ਗੱਡੀ 'ਚ ਆ 2 ਲੀਟਰ ਵਾਲੀ ਪਾਣੀ ਦੀ ਬੋਤਲ ਕਿਸ ਕੰਮ ਆਉਗੀ। ਇੰਨਾਂ ਹੀ ਨਹੀ ਬਿਨ੍ਹਾਂ ਵਰਦੀ ਹੋਣ ਦੇ ਪੁੱਛੇ ਸਵਾਲ ਤੋਂ ਖਫਾ ਇੱਕ ਸਕੂਲੀ ਵਾਹਨ ਦੇ ਚਾਲਕ ਨੇ ਤਾਂ ਕਵਰੇਜ ਕਰ ਰਹੇ ਇੱਕ ਪੱਤਰਕਾਰ ਦੇ ਕੈਮਰੇ ਨੂੰ ਹੀ ਹੱਥ ਮਾਰ ਦਿੱਤਾ। ਇਸ ਸਭ ਤੋਂ ਸਹਿਜ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਵਾਹਨ ਚਾਲਕ ਸੜਕੀ ਨਿਯਮਾਂ ਨੂੰ ਤੋੜਨ ਵਿੱਚ ਅਪਣੀ ਸ਼ਾਨ ਸਮਝਦੇ ਹਨ। ਜਿਨ੍ਹਾਂ ਖਿਲਾਫ਼ ਪ੍ਰਸ਼ਾਸਨ ਨੁ ਸਖ਼ਤੀ ਦਿਖਾਉਣੀ ਹੀ ਚਾਹੀਦੀ ਹੈ। ਸਕੂਲੀ ਬੱਸਾਂ ਨੂੰ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨੀ ਜਰੂਰੀ- ਫਸਟ ਏਡ ਬਾਕਸ ਦਾ ਹੋਣਾ, ਫਾਇਰ ਸੇਫਟੀ ਯੰਤਰ ਦਾ ਹੋਣਾ, ਵਾਹਨ ਦਾ ਰੰਗ ਪੀਲਾ ਹੋਣਾ, ਬੱਸ ਦੀ ਫਿਟਨਸ, ਪ੍ਰਦੂਸ਼ਨ ਤੇ ਬੀਮਾ ਸਰਟੀਫਿਕੇਟ ਹੋਣਾ ਚਾਹੀਦਾ, ਸਪੀਡ ਗਵਰਨੈੰਸ ਹੋਣਾ, ਵਾਹਨ 'ਤੇ ਚਾਇਲਡ ਹੈਲਪਲਾਇਨ 1098 ਅੰਕਿਤ ਹੋਣਾ, ਵਾਹਨ 'ਚ ਕੈਮਰਾ ਹੋਣਾ ਤੇ ਮਹਿਲਾ ਅਟੈੰਡੇਟ ਦਾ ਹੋਣਾ, ਵਾਹਨ 'ਤੇ ਸਕੂਲ ਦਾ ਨਾਮ, ਮਾਲਕ ਦਾ ਨਾਮ ਤੇ ਫੋਨ ਨੰਬਰ ਹੋਣਾ, ਚਾਲਕ ਕੋਲ ਪੰਜ ਸਾਲ ਵਾਹਨ ਚਲਾਉਣ ਦਾ ਤਜੁਰਬਾ ਹੋਣਾ, ਚਾਲਕ ਕੋਲ ਕੋਈ ਬੱਚਾ ਨਹੀਂ ਬੈਠਾ ਹੋਣਾ ਚਾਹੀਦਾ, ਵਾਹਨ ਪਰਮਿਟ ਹੋਣਾ, ਜੀਪੀਅਸ ਸਿਸਟਮ ਹੋਣਾ, ਚਾਲਕ ਤੇ ਸਹਾਇਕ ਦਾ ਵਰਦੀ 'ਚ ਹੋਣਾ, ਬੱਚਿਆਂ ਦੀ ਸੁਰੱਖਿਆ ਲਈ ਬੱਸਾਂ ਦੀਆਂ ਖਿੜਕੀਆਂ 'ਤੇ ਜਾਲੀ ਹੋਵੇ ਆਦਿ।

   
  
  ਮਨੋਰੰਜਨ


  LATEST UPDATES  Advertisements