View Details << Back

23 ਦੀ ਰੈਲੀ ਦੀਆਂ ਤਿਆਰੀਆਂ ਲਈ ਢੀਡਸਾ ਭਵਾਨੀਗੜ੍ਹ ਚ
ਸੁਖਬੀਰ ਬਾਦਲ ਪਾਰਟੀ ਨੂੰ ਤਾਨਾਸ਼ਾਹੀ ਢੰਗ ਨਾਲ ਚਲਾ ਰਿਹਾ: ਢੀਂਡਸਾ

ਭਵਾਨੀਗੜ੍ਹ 21 ਫਰਵਰੀ (ਗੁਰਵਿੰਦਰ ਸਿੰਘ): ਬਾਦਲਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਜ਼ਾਦ ਕਰਵਾਉਣ ਅਤੇ ਵਰਕਰਾਂ ਵੱਲੋਂ ਰਾਜ ਸਭਾ ਮੈੰਬਰ ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਦੇ ਪੁੱਤਰ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੇ ਹੱਕ 'ਚ 23 ਫਰਵਰੀ ਨੂੰ ਸੰਗਰੂਰ ਵਿਖੇ ਰੱਖੀ ਰੈਲੀ ਨੂੰ ਸਫ਼ਲ ਬਣਾਉਣ ਲਈ ਸ਼ੁੱਕਰਵਾਰ ਨੂੰ ਭਵਾਨੀਗੜ੍ਹ ਨਵੀਂ ਅਨਾਜ ਮੰਡੀ ਵਿਖੇ ਵਿਸ਼ੇਸ਼ ਤੌਰ 'ਤੇ ਪਹੁੰਚੇ ਪਰਮਿੰਦਰ ਸਿੰਘ ਢੀਂਡਸਾ ਨੇ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਪਰਮਿੰਦਰ ਸਿੰਘ ਢੀਂਡਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੁਝ ਪਰਿਵਾਰਾਂ ਦੇ ਚੁੰਗਲ 'ਚੋਂ ਪੂਰੇ ਸਿਸਟਮ ਨੂੰ ਬਹਾਲ ਕਰਵਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਉਨ੍ਹਾਂ ਦਾ ਮਕਸਦ ਸਿੱਖ ਸੰਗਤ ਦੀ ਚੜ੍ਹਦੀ ਕਲਾ ਲਈ ਪੰਥ ਦੀ ਸੇਵਾ ਭਾਵਨਾ ਰੱਖਣ ਵਾਲੇ ਲੋਕਾਂ ਨੂੰ ਅੱਗੇ ਲਿਆਉਣਾ ਹੈ। ਢੀਂਡਸਾ ਨੇ ਕਿਹਾ ਕਿ 23 ਫਰਵਰੀ ਦੀ ਸੰਗਰੂਰ ਰੈਲੀ ਇਤਿਹਾਸਕ ਹੋਵੇਗੀ, ਜਿਸ ਦੇ ਇਕੱਠ ਨੂੰ ਦੇਖ ਕੇ ਬਾਦਲਾਂ ਦਾ ਸਿਆਸੀ ਭੋਗ ਪੈ ਜਾਵੇਗਾ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਪਾਰਟੀ ਨੂੰ ਤਾਨਾਸ਼ਾਹੀ ਢੰਗ ਨਾਲ ਚਲਾ ਰਿਹਾ ਹੈ, ਜਿਸ ਨੂੰ ਕੋਈ ਵੀ ਪਸੰਦ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਸੁਖਬੀਰ ਦੇ ਫੈਸਲਿਆਂ ਤੋਂ ਆਮ ਵਰਕਰ ਡਾਢੇ ਪ੍ਰੇਸ਼ਾਨ ਹਨ ਜਿਸ ਕਰਕੇ ਆਏ ਦਿਨ ਵਰਕਰ ਪਾਰਟੀ ਤੋਂ ਅਸਤੀਫ਼ਾ ਦੇ ਰਹੇ ਹਨ ਜਿਸ ਕਾਰਨ ਅਕਾਲੀ ਦਲ ਹੁਣ ਖਾਲੀ ਦਲ ਬਣਦਾ ਜਾ ਰਿਹਾ ਹੈ। ਢੀਂਡਸਾ ਨੇ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਪਿਛਲੀ 2 ਫਰਵਰੀ ਨੂੰ ਸੰਗਰੂਰ ਵਿਖੇ ਪੰਜਾਬ ਭਰ ਚੋਂ ਲੋਕਾਂ ਨੂੰ ਇਕੱਠੇ ਕਰਕੇ ਢੀਂਡਸਾ ਪਰਿਵਾਰ ਨੂੰ ਨੀਵਾਂ ਦਿਖਾਉਣ ਦੀ ਰਚੀ ਗਈ ਸਾਜਿਸ਼ ਵਿੱਚ ਸੁਖਬੀਰ ਬਾਦਲ ਬੁਰੀ ਤਰ੍ਹਾਂ ਫੇਲ ਹੋਇਆ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੀ ਮਾਨਸਿਕਤਾ ਅਤੇ ਭਾਵਨਾ ਵੀ ਅਕਾਲੀ ਲੀਡਰਾਂ ਵਾਲੀ ਨਹੀਂ ਰਹੀ , ਜਿਸ ਕਰਕੇ ਪੰਥਪ੍ਰਸਤ ਵਰਕਰ ਅਤੇ ਪੰਜਾਬ ਹਿਤੈਸ਼ੀ ਲੋਕ ਅਕਾਲੀ ਦਲ ਬਾਦਲ ਤੋਂ ਕਿਨਾਰਾ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸੰਗਰੂਰ ਰੈਲੀ ਨੂੰ ਲੈ ਕੇ ਪਿੰਡਾਂ 'ਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਮੌਕੇ ਉਨ੍ਹਾਂ ਨਾਲ ਗੁਰਤੇਜ ਸਿੰਘ ਝਨੇੜੀ, ਸਰਬਜੀਤ ਸਿੰਘ ਟੋਨੀ, ਰਾਮ ਸਿੰਘ ਮੱਟਰਾਂ, ਜਗਦੀਸ਼ ਸਿੰਘ ਬਲਿਆਲ, ਇੰਦਰਜੀਤ ਸਿੰਘ ਤੂਰ, ਅਜੈਬ ਸਿੰਘ ਗਹਿਲਾਂ, ਪ੍ਰਦੀਪ ਕੁਮਾਰ ਦੀਪਾ, ਸ਼ਿਬੂ ਗੋਇਲ, ਨਿਹਾਲ ਸਿੰਘ ਨੰਦਗੜ੍ਹ, ਨਿੰਦੀ ਰਾਮਪੁਰਾ, ਬਹਾਦਰ ਸਿੰਘ ਬੁੱਟਰ, ਬਲਵਿੰਦਰ ਸਿੰਘ ਘੁਮਾਣ, ਸੁੱਖੀ ਘੁਮਾਣ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਹਾਜ਼ਰ ਸਨ।

   
  
  ਮਨੋਰੰਜਨ


  LATEST UPDATES  Advertisements