View Details << Back

ਕਰੋਨਾ ਸਬੰਧੀ ਟੈਸਟ ਕਰਨ ਆਈ ਟੀਮ ਦਾ ਮਨਰੇਗਾ ਕਾਮਿਆਂ ਨੇ ਕੀਤਾ ਵਿਰੋਧ
ਵਿਰੋਧ ਕਰਨ ਦੀ ਬਜਾਏ ਸਹਿਯੋਗ ਦੇਣਾ ਚਾਹੀਦਾ ਹੈ :ਡਾ.ਗਰਗ

ਭਵਾਨੀਗੜ 12 ਸਤੰਬਰ {ਗੁਰਵਿੰਦਰ ਸਿੰਘ} ਭਵਾਨੀਗੜ ਦੇ ਨੇੜਲੇ ਪਿੰਡ ਝਨੇੜੀ ਦੀ ਗਊਸ਼ਾਲਾ ਵਿਚ ਕੰਮ ਕਰਦੇ ਮਨਰੇਗਾ ਕਾਮਿਆਂ ਦਾ ਕਰੋਨਾ ਟੈਸਟ ਕਰਨ ਆਈ ਸਿਹਤ ਟੀਮ ਨੂੰ ਲੋਕਾਂ ਦੇ ਵਿਰੋਧ ਕਾਰਣ ਬੇਰੰਗ ਪਰਤਣਾ ਪਿਆ। ਕਾਮਿਆਂ ਨੇ ਦੱਸਿਆ ਕਿ ਬੀਤੇ ਕੱਲ ਉਨ੍ਹਾਂ ਦੇ ਪਿੰਡ ਦੇ ਕਿਸਾਨ ਪਰਿਵਾਰ ਨਾਲ ਸਬੰਧਤ ਇਕ ਔਰਤ ਦੀ ਮੌਤ ਹੋ ਗਈ ਸੀ ਪ੍ਰੰਤੂ ਟੈਸਟ ਮਨਰੇਗਾ ਵਰਕਰਾਂ ਦੇ ਕੀਤੇ ਜਾ ਰਹੇ ਹਨ। ਮਨਰੇਗਾ ਵਰਕਰਾਂ ਅਤੇ ਪਿੰਡ ਦੇ ਆਮ ਲੋਕਾਂ ਨੇ ਸਰਕਾਰ ਖਿਲਾਫ ਰੋਸ ਜਾਹਰ ਕੀਤਾ ਕਿ ਜਿਸ ਔਰਤ ਦੀ ਮੌਤ ਹੋਈ ਹੈ ਉਸਦੇ ਛੋਟੇ-ਛੋਟੇ ਬੱਚੇ ਰੁਲ ਗਏ ਹਨ। ਉਨ੍ਹਾਂ ਕਿਹਾ ਕਿ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਕੋਈ ਦੇਖ ਭਾਲ ਨਹੀਂ ਕੀਤੀ ਜਾਂਦੀ ਅਤੇ ਜਿਸ ਵਿਅਕਤੀ ਦੀ ਮੌਤ ਹੋ ਜਾਂਦੀ ਹੈ, ਸਿਹਤ ਵਿਭਾਗ ਵੱਲੋਂ ਉਸਨੂੰ ਕਰੋਨਾ ਦੇ ਖਾਤੇ ਵਿੱਚ ਪਾ ਦਿੱਤਾ ਜਾਂਦਾ ਹੈ। ਮਨਰੇਗਾ ਵਰਕਰ ਜਰਨੈਲ ਕੌਰ, ਅਮਰ ਸਿੰਘ, ਮਹਿੰਦਰ ਕੌਰ, ਮਨਜੀਤ ਸਿੰਘ, ਅਮਰੀਕ ਸਿੰਘ, ਪ੍ਰਗਟ ਸਿੰਘ, ਨੈਬ ਸਿੰਘ, ਲੀਲੂ ਸਿੰਘ, ਚਰਨਾ ਸਿੰਘ, ਕਾਲਾ ਸਿੰਘ, ਅੰਗਰੇਜ ਕੌਰ ਅਤੇ ਬੇਅੰਤ ਸਿੰਘ ਨੇ ਦੱਸਿਆ ਕਿ ਅਜੇ ਤੱਕ ਸਰਕਾਰ ਅਤੇ ਸਿਹਤ ਵਿਭਾਗ ਦੀ ਕਿਸੇ ਵੀ ਟੀਮ ਨੇ ਆ ਕੇ ਉਨ੍ਹਾਂ ਨੂੰ ਕਰੋਨਾ ਬਾਰੇ ਜਾਗਰੂਕ ਨਹੀਂ ਕੀਤਾ। ਅੱਜ ਸਿਹਤ ਵਿਭਾਗ ਦੀ ਟੀਮ ਸਿੱਧਾ ਕੰਮ ਵਾਲੀ ਜਗ੍ਹਾ ਤੇ ਆ ਕੇ ਉਨ੍ਹਾਂ ਦੇ ਟੈਸਟ ਕਰਨਾ ਚਾਹੁੰਦੀ ਸੀ, ਜੋ ਕਿ ਉਹ ਕਿਸੇ ਵੀ ਕੀਮਤ ਤੇ ਨਹੀਂ ਕਰਵਾਉਣਗੇ। ਕਾਮਿਆਂ ਨੇ ਕਿਹਾ ਕਿ ਸਿਹਤ ਵਿਭਾਗ ਨੂੰ ਪਿੰਡ ਦੇ ਲੋਕਾਂ ਨੂੰ ਇਸ ਬੀਮਾਰੀ ਸਬੰਧੀ ਜਾਗਰੂਕ ਕਰਨਾ ਚਾਹੀਦਾ ਹੈ। ਡਾ. ਪ੍ਰਵੀਨ ਕੁਮਾਰ ਗਰਗ ਐਸਐਮਓ ਭਵਾਨੀਗੜ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਕਰੋਨਾ ਸਬੰਧੀ ਜਾਗਰੂਕ ਮੁਹਿੰਮ ਚਲਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਟੈਸਟਾਂ ਦਾ ਵਿਰੋਧ ਕਰਨ ਦੀ ਬਜਾਏ ਸਹਿਯੋਗ ਦੇਣਾ ਚਾਹੀਦਾ ਹੈ।
ਝਨੇੜੀ ਵਿਖੇ ਸਿਹਤ ਵਿਭਾਗ ਦੀ ਟੀਮ ਦਾ ਵਿਰੋਧ ਕਰਦੇ ਹੋਏ ਮਨਰੇਗਾ ਕਾਮੇ।


   
  
  ਮਨੋਰੰਜਨ


  LATEST UPDATES  Advertisements